ਅਹਿਸਾਸ, ਗੁਰਪ੍ਰੀਤ ਸਿੰਘ
Written by Gurpreet Singh
ਜਦੋ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਮੇਰੇ ਲਈ ਸਭ ਤੋਂ ਜਿਆਦਾ ਸ਼ਾਂਤੀ ਦਾ ਪਲ ਕਿਹੜਾ ਹੁੰਦਾ ਹੈ ਤਾਂ ਹਮੇਸ਼ਾਂ ਇੱਕ ਹੀ ਜਵਾਬ ਮਿਲਦਾ ਹੈ — ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਆਪਣੇ ਆਪ ਵਿੱਚ ਖੋ ਜਾਣ ਦਾ ਅਹਿਸਾਸ। ਇਹ ਸਮਾਂ ਮੇਰੇ ਲਈ ਖੁਦ੍ਹ ਨਾਲ ਜੁੜਣ ਦਾ , ਆਪਣੇ ਅੰਦਰ ਦੀ ਗਹਿਰਾਈ ਨੂੰ ਸਮਝਣ ਦਾ ਹੁੰਦਾ ਹੈ।
ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਜਦੋਂ ਇਹ ਸਮੂਹਿਕ ਤੌਰ ਤੇ ਭਾਵ ਹੋਰ ਸਾਥੀਆਂ ਨਾਲ ਮਿਲ ਕਿ ਇਹ ਸ਼ਾਂਤੀ ਅਭਿਆਸ ਕੀਤਾ ਜਾਂਦਾ ਹੈ ਤਾਂ ਦੂਸਰੇ ਮਨੁੱਖਾਂ ਨਾਲ ਜੁੜਣ ਦਾ ਮੌਕਾ ਵੀ ਮਿਲਦਾ ਹੈ। ਅਜਿਹਾ ਹੀ ਕਿ ਅਹਿਸਾਸ ਕੁੱਝ ਦਿਨ ਪਹਿਲਾਂ ਇੱਕ ਸਕੂਲ ਦੇ ਬੱਚਿਆਂ ਨਾਲ ਸ਼ਾਂਤੀ ਵਿੱਚ ਬੈਠ ਕੇ ਅੰਤਰ ਧਿਆਨ ਕਰਨ ਸਮੇਂ ਹੋਇਆ।
ਕਹਿੰਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ ਉਸ ਦਿਨ ਮੈਂ ਇਸ ਗੱਲ ਨੂੰ ਬਹੁਤ ਨੇੜਿਉਂ ਮਹਿਸੂਸ ਕੀਤਾ। ਸਰਕਾਰੀ ਐਲੀਮੈਂਟਰੀ ਸਕੂਲ ,ਸੰਗਤਪੁਰ ਸੋਢੀਆ ਵਿੱਚ ਮਾਪੇ ਅਧਿਆਪਕ ਮਿਲਣੀ ਦੌਰਾਨ ਫੁਰਸਤ ਦੇ ਕੁੱਝ ਪਲਾਂ ਵਿੱਚ ਮੈਂ ਅਤੇ ਜਹਾਂਨਾਰਾ ਕੁੱਝ ਬੱਚਿਆਂ ਨਾਲ ਖੇਡ ਰਹੇ ਸਨ, ਖੇਡਦੇ-ਖੇਡਦੇ ਜਦੋਂ ਥੱਕ ਗਏ ਤਾਂ ਸਕੂਲ ਦੇ ਗਰਾਉਂਡ ਵਿੱਚ ਹੀ ਇਕ ਗੋਲ ਚੱਕਰ ਬਣਾ ਕੇ ਅੱਖਾਂ ਬੰਦ ਕਰਕੇ ਬੈਠ ਗਏ। ਅਸੀਂ ਸਭ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸੀ। ਆਪਣੇ ਮਨ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਇੰਝ ਲੱਗਾ ਜਿਵੇਂ ਕਿ ਪ੍ਰਮਾਤਮਾ ਅਤੇ ਕੁਦਰਤ ਦੇ ਬਹੁਤ ਨੇੜੇ ਬੈਠੇ ਹੋਈਏ।
ਉਹਨਾਂ ਭੋਲੇ ਭਾਲੇ ਬੱਚਿਆਂ ਦੀ ਮਾਸੂਮੀਅਤ ਨੂੰ ਮੈਂ ਮਹਿਸੂਸ ਕਰ ਰਿਹਾ ਸੀ। ਉਹਨਾਂ ਦੇ ਪ੍ਰਤੀ ਆਪਣਾ ਕਰਤੱਬ, ਜਿਸ ਕੰਮ ਲਈ ਇੱਥੇ ਇਕੱਠੇ ਹਾਂ ਬਾਰ ਬਾਰ ਮਨ ਵਿੱਚ ਆ ਰਿਹਾ ਸੀ। ਦਿਲ ਕਰ ਰਿਹਾ ਸੀ ਕੀ ਕਿੰਨੀ ਦੇਰ ਤੱਕ ਇਹਨਾਂ ਸਭ ਦੇ ਨਾਲ ਅੱਖਾਂ ਬੰਦ ਕਰਕੇ ਬੈਠਾ ਰਹਾਂ। ਪਰ ਬੱਚੇ ਕਿੰਨਾ ਚਿਰ ਟਿਕਦੇ ਹਨ। ਕੁੱਝ ਦੇਰ ਬਾਅਦ ਉਹਨਾਂ ਨੇ ਹਿੱਲਜੁਲ ਸ਼ੁਰੂ ਕਰ ਦਿੱਤੀ ਅਤੇ ਅਸੀਂ ਸਾਰੇ ਉੱਠ ਖੜੇ ਹੋਏ। ਉਹ ਸਭ ਭੋਲੇ ਭਾਲੇ ਬੱਚੇ ਫੇਰ ਖੇਡਣ ਚ ਮਸਤ ਹੋ ਗਏ ਅਤੇ ਅਸੀਂ ਇੱਕ ਖੂਬਸੂਰਤ ਅਹਿਸਾਸ ਨਾਲ ਲੈਕੇ ਵਾਪਸ ਆ ਗਏ।
