ਇਕਜੁੱਟਤਾ ਹੈ ਜਿਸ ਨੇ ਤਬਦੀਲੀ ਦੀ ਅਗਵਾਈ ਕੀਤੀ
Written by Jaspreet Kaur
ਜਦੋਂ ਮੈਂ ਤੇ ਗੁਰਪ੍ਰੀਤ ਸੰਗਤਪੁਰ ਸੋਢੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਗਏ, ਅਧਿਆਪਕਾਂ ਨੂੰ ਮਿਲੇ, ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ ਕਿਉੱਕਿ ਉਹਨਾ ਦੇ ਪੜਾਉਣ ਦਾ ਤਰੀਕਾ,ਗੱਲਬਾਤ ਕਰਨ ਦੀ ਲਿਆਕਤ ਅਤੇ ਬੱਚਿਆਂ ਨਾਲ ਰਿਸ਼ਤਾ ਹੀ ਐਸਾ ਸੀ। ਉਹਨਾਂ ਦਾ ਆਪਸੀ ਮੇਲ ਮਿਲਾਪ ਅਤੇ ਸਾਡੇ ਸਵਾਗਤ ਕਰਨ ਦੇ ਤਰੀਕੇ ਨੇ ਪਹਿਲੀ ਵਾਰੀ ਹੀ ਸਾਡਾ ਦਿਲ ਜਿੱਤ ਲਿਆ। ਪਰ ਇੰਨਾ ਕੁੱਝ ਵਧੀਆ ਹੋਣ ਦੇ ਬਾਵਜੂਦ ਵੀ ਇੱਕ ਚੀਜ਼ ਮੇਰੇ ਮਨ ਵਿੱਚ ਵਾਰ-ਵਾਰ ਖਟਕ ਰਹੀ ਸੀ ਕਿ ਸਕੂਲ ਦਾ ਵਾਤਾਵਰਨ ਤਾਂ ਬਹੁਤ ਵਧੀਆ ਹੈ,ਪਰ ਇਮਾਰਤ ਦੀ ਹਾਲਤ ਏਦਾਂ ਕਿਉਂ ਹੈ? ਇਮਾਰਤ ਦਾ ਇਸ ਹਾਲਤ ‘ਚ ਹੋਣ ਦਾ ਬੱਚਿਆਂ ਦੀ ਪੜਾਈ ਉੱਪਰ ਅਸਰ ਪੈਣਾ ਸੁਭਾਵਿਕ ਹੀ ਸੀ। ਜਿਵੇਂ ਅਸੀਂ ਬੱਚਿਆਂ ਨੂੰ ਸਿਰਫ ਕਿਤਾਬਾਂ ਤੋਂ ਹੀ ਪੜਦੇ ਵੇਖਦੇ ਹਾਂ ਪਰ ਕਿੰਨਾ ਚੰਗਾ ਹੋਵੇ ਜੇਕਰ ਬੱਚੇ ਸਿਰਫ ਕਿਤਾਬਾਂ ਦੇ ਨਾਲ ਨਾਲ ਹੋਰ ਕਈ ਦਿਲਚਸਪ ਤਰੀਕਿਆਂ ਤੋਂ ਵੀ ਸਿੱਖ ਸਕਣ- ਜਿਵੇਂ ਕਿਆਪਣੇ ਆਲ਼ੇ-ਦੁਆਲ਼ੇ ‘ਚ ਇਮਾਰਤਾਂ ਤੋਂ,ਗਰਾਊਂਡ ਵਿੱਚੋਂ ਜਾਂ ਸਕੂਲ ਦੀ ਹਰ ਚੀਜ਼ ਤੋਂ । ਭਾਵ ਸਿਰਫ਼ ਕਿਤਾਬਾਂ ਹੀ ਨਾ ਸਗੋਂ ਸਕੂਲ ਦੀ ਹਰ ਇੱਕ ਚੀਜ਼ ਬੱਚਿਆਂ ਦੇ ਵਿਕਾਸ ਦੀ ਹਾਮੀ ਭਰੇ । ਇਹ ਸਭ ਕਰਨ ਦੇ ਲਈ ਇੱਕ ਚਾਹਤ ਦਾ ਹੋਣਾ ਜ਼ਰੂਰੀ ਸੀ, ਜਿਸ ਬਦੌਲਤ ਇਹ ਬਦਲਾਵ ਆ ਸਕਦਾ ਸੀ।

ਇਹ ਚਾਹਤ ਮੈਨੂੰ ਅਧਿਆਪਕਾਂ ਅਤੇ ਪਿੰਡ ਦੇ ਕਾਫੀ ਲੋਕਾਂ ਵਿੱਚ ਨਜ਼ਰ ਆਈ। ਇਹ ਚਾਹਤ ਤੇ ਪਹਿਲਾਂ ਵੀ ਸੀ ਪਰ ਕਮੀ ਇੱਥੇ ਰਹਿ ਰਹੀ ਸੀ? ਸ਼ਾਇਦ ਇਹ ਦੋਵੇਂ ਧਿਰਾਂ ਕਿਤੇ ਇਕੱਠੀਆਂ ਨਹੀਂ ਸੀ ਹੋ ਰਹੀਆਂ| ਪਿੰਡ ਵਾਲੇ ਆਪਣੇ ਕੰਮਾਂ ਵਿੱਚ ਵਿਅਸਤ ਸਨ ਅਤੇ ਸ਼ਾਇਦ ਸਕੂਲ ਵਾਲੇ ਵੀ ਇਹ ਸੋਚ ਕੇ ਕੀ ਪਿੰਡ ਵਾਲਿਆਂ ਦੀ ਸਕੂਲ ਵਿੱਚ ਕੋਈ ਰੁਚੀ ਨਹੀਂ ਹੈ, ਸਿਰਫ਼ ਪੜਾਉਣ ਤੱਕ ਹੀ ਧਿਆਨ ਦੇ ਰਹੇ ਸਨ। ਸੋ ਮੈਨੂੰ ਪਹਿਲਾਂ ਇਹੀ ਧਿਆਨ ਵਿੱਚ ਆਇਆ ਕਿ ਜੇਕਰ ਇਹਨਾ ਦੋਵਾਂ ਨੂੰ ਇੱਕ ਜਗ੍ਹਾ ਬਿਠਾ ਕੇ ਇਹ ਅਹਿਸਾਸ ਕਰਵਾ ਦਿੱਤਾ ਜਾਵੇ ਕਿ ਇਹ ਦੋਵੇਂ ਹੀ ਸਕੂਲ ਦੇ ਲਈ ਚਿੰਤਤ ਹਨ ਜਾਂ ਸਭ ਨੂੰ ਇਕੱਠੇ ਕਰਕੇ ਪਿੰਡ ਦੇ ਸਰਕਾਰੀ ਸਕੂਲ ਦੀ ਅਹਿਮੀਅਤ ਦਾ ਅਹਿਸਾਸ ਕਰਵਾ ਦਿੱਤਾ ਜਾਵੇ ਤਾਂ ਗੱਲ ਬਣ ਸਕਦੀ ਹੈ। ਪਿੰਡ ਦੇ ਸਕੂਲ ਦੀ ਅਹਿਮੀਅਤ ਦਾ ਅਹਿਸਾਸ ਇਸ ਕਰਕੇ ਕਿਉਂਕਿ ਕੁੱਝ ਲੋਕ ਅਜਿਹੇ ਵੀ ਹਨ,ਜਿੰਨਾ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਹਨ। ਸੋ ਪਿੰਡ ਦਾ ਸਰਕਾਰੀ ਸਕੂਲ ਹੀ ਵਧੀਆ ਕਿਉਂ ਬਣਾਇਆ ਜਾਵੇ, ਪਹਿਲਾਂ ਇਸਦੀ ਅਹਿਮੀਅਤ ਦ੍ਰਿੜ ਕਰਵਾਉਣੀ ਜ਼ਰੂਰੀ ਸੀ।


ਸੋ ਇਹ ਸਭ ਨੂੰ ਅਸਲ ਰੂਪ ਵਿੱਚ ਲਿਆਉਣ ਲਈ 7 ਸਤੰਬਰ 2019 ਨੂੰ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ,ਜਿਸ ਵਿੱਚ ਉਪਰੋਕਤ ਸਭ ਨੂੰ ਬੁਲਾਇਆ ਗਿਆ। ਇਸ ਮੀਟਿੰਗ ਵਿੱਚ ਸਕੂਲ ਪ੍ਰਬੰਧਕ ਕਮੇਠੀ, ਸਮੂਹ ਪੰਚਾਇਤ ਮੈਂਬਰ, ਸਕੂਲ ਪ੍ਰਤੀ ਰੂਚੀ ਰੱਖਣ ਵਾਲੇ ਕੁੱਝ ਲੋਕ ਅਤੇ ਸਮੂਹ ਸਕੂਲ ਸਟਾਫ ਸ਼ਾਮਿਲ ਸੀ। ਇਸ ਸਭ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਰੇ ਚਰਚਾ ਹੋਈ। ਸਕੂਲ ਵਿੱਚ ਜੋ ਕੁੱਝ ਚੱਲ ਰਿਹਾ,ਉਸ ਉੱਪਰ ਸਭ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੀਆਂ ਚੰਗੀਆਂ ਚੱਲ ਰਹੀਆਂ ਚੀਜ਼ਾਂ ਨੂੰ ਸਭ ਵੱਲੋੰ ਸਲਾਹਿਆ ਗਿਆ ਅਤੇ ਲੋੜਾਂ ਨੂੰ ਸਮਝਣ ਲਈ ਵੀ ਅਧਿਆਪਕਾਂ ਵੱਲੋਂ ਕਈ ਮੁੱਦੇ ਪੇਸ਼ ਕੀਤੇ ਗਏ। ਮੁੱਦਿਆਂ ਨੂੰ ਵਧੀਆ ਤਰੀਕੇ ਨਾਲ ਸਮਝਿਆ ਜਾ ਸਕੇ,ਇਸ ਲਈ ਪਹਿਲਾਂ ਹੀ ਮੀਟਿੰਗ ਦਾ ਪ੍ਰਬੰਧ ਸਕੂਲ ਵਿੱਚ ਹੀ ਕੀਤਾ ਗਿਆ ਸੀ। ਸੋ ਸਭ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਮੈਂਬਰ ਖੁਦ ਇੱਕ ਵਾਰ ਸਕੂਲ ਦਾ ਦੌਰਾ ਕਰਨ ਅਤੇ ਖ਼ੁਦ ਸਮਝਣ ਦੀ ਕੋਸ਼ਿਸ਼ ਕਰਨ ਕਿ ਸਕੂਲ ਵਿੱਚ ਕਿਹੜੀਆਂ ਕਿਹੜੀਆਂ ਚੀਜਾਂ ਲੋੜੀਂਦੀਆਂ ਹਨ ਜਾਂ ਕਿਹੜੀਆਂ ਸਮੱਸਿਆਵਾਂ ਹਨ, ਜਿੰਨਾ ਦਾ ਸਾਹਮਣਾ ਸਾਡੇ ਬੱਚੇ ਅਤੇ ਅਧਿਆਪਕ ਕਰ ਰਹੇ ਹਨ। ਸੋ ਇਸਦੇ ਬੜੇ ਸਾਰਥਕ ਨਤੀਜੇ ਨਿਕਲੇ। ਮੀਟਿੰਗ ਵਿੱਚ ਆਏ ਮੈਂਬਰ ਸਾਹਿਬਾਨ ਖੁਦ ਸਕੂਲ ਦੀਆਂ ਲੋੜਾਂ ਬਾਰੇ ਚਰਚਾ ਕਰ ਰਹੇ ਸਨ ਅਤੇ ਸਿਰਫ਼ ਚਰਚਾ ਹੀ ਨਹੀਂ ਕਰ ਰਹੇ ਸਨ ਸਗੋਂ ਹੱਲ ਲੱਭਣ ਦੀ ਦਿਸ਼ਾ ਵਿੱਚ ਵੀ ਜਾ ਰਹੇ ਸਨ।


ਸੋ ਉਸ ਵੇਲੇ ਤੋਂ ਪਿੰਡ ਦੇ ਲੋਕਾਂ ਅਤੇ ਸਕੂਲ ਦੇ ਸਟਾਫ ਦਾ ਮੇਲ-ਜੋਲ ਵਧਣ ਲੱਗਾ, ਸਰਪੰਚ ਵੱਲੋਂ ਵੀ ਸਕੂਲ ਵਿੱਚ ਆਉਣਾ ਜਾਣਾ ਸ਼ੁਰੂ ਹੋ ਗਿਆ ਅਤੇ ਲੋਕ ਵੀ ਸਕੂਲ ਪ੍ਰਤੀ ਆਪਣਾ ਉਤਸ਼ਾਹ ਜਾਹਿਰ ਕਰਨ ਲੱਗ ਪਏ। ਇਸ ਸਭ ਦੇ ਚਲਦੇ ਹੀ ਪੰਚਾਇਤ ਦੇ ਸਹਿਯੋਗ ਨਾਲ ਸਕੂਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ। ਇਸਦੇ ਨਾਲ ਹੀ ਸਕੂਲ ਦੀ ਹਾਲਤ ਹੋਰ ਸੋਹਣੀ ਬਣਾਉਣ ਲਈ ਸਕੂਲ ‘ਚ BALA Work ਅਤੇ ਗਰਾਊਂਡ ਦੀ ਸਫਾਈ ਵੀ ਸ਼ੁਰੂ ਹੋ ਗਈ। ਇਹ ਕਰਨ ਲਈ ਇੱਕ ਅੜਚਨ ਆ ਰਹੀ ਸੀ,ਉਹ ਸੀ ਇੱਕ ਵਧੀਆ ਆਰਟਿਸਟ ਅਤੇ ਉਸਦਾ ਖਰਚ,ਜੋ ਕਿ ਬਹੁਤ ਜ਼ਿਆਦਾ ਸੀ । ਸੋ ਇਸਦਾ ਪ੍ਰਬੰਧ ਸਾਡੇ ਵੱਲੋੰ ਇੱਕ ਆਰਟਿਸਟ ਸਕੂਲ ਵਿੱਚ ਲਿਜਾ ਕੇ ਕਰ ਦਿੱਤਾ ਗਿਆ। ਜਿਸ ਨੇ ਪੂਰੀ ਸ਼ਿੱਦਤ ਨਾਲ ਸਕੂਲ ਵਿੱਚ ਚਿੱਤਰਕਾਰੀ ਦਾ ਕੰਮ ਕੀਤਾ ਜਾਂ ਮੈਂ ਤੇ ਇਸਨੂੰ ਇੱਥੋਂ ਤੱਕ ਕਹਿੰਦੀ ਹਾਂ ਕਿ ਉਸ ਭਲੇ ਆਰਟਿਸਟ ਨੇ ਸਕੂਲ ਦੀ ਇਮਾਰਤ ਵਿੱਚ ਇੱਕ ਨਵੀਂ ਆਤਮਾ ਭਰ ਦਿੱਤੀ। ਇਮਾਰਤ ਤੋਂ ਖਸਤਾ ਲੱਗਣ ਵਾਲਾ ਸਕੂਲ ਅੱਜ ਆਸੇ ਪਾਸੇ ਦੇ ਹਰ ਇੱਕ ਅਧਿਆਪਕ ਅਤੇ ਬੱਚੇ ਦਾ ਧਿਆਨ ਖਿੱਚ ਰਿਹਾ ਸੀ। ਇਸੇ ਦੀ ਬਦੌਲਤ ਹੀ ਹੁਣ ਪੂਰਾ ਪਿੰਡ ਆਪਣੇ ਬੱਚਿਆਂ ਲਈ ਪਿੰਡ ਦੇ ਉਸੇ ਪ੍ਰਾਇਮਰੀ ਸਕੂਲ ਨੂੰ ਠੀਕ ਮੰਨ ਰਿਹਾ ਸੀ, ਜਿਸਨੂੰ ਸਿਰਫ਼ ਇਮਾਰਤ ਦੇ ਖਸਤਾ ਹੋਣ ਕਰਕੇ ਅਣਦੇਖਿਆ ਕਰ ਰਹੇ ਸਨ। ਸੋ ਇਹ ਸਾਰਾ ਕੁੱਝ ਦੇਖ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਕਦੇ ਕਦੇ ਇੱਕ ਦੂਜੇ ਤੋਂ ਦੂਰ ਹੋਣ ਕਰਕੇ ਇਸ ਭੁਲੇਖੇ ਵਿੱਚ ਫਸ ਜਾਂਦੇ ਹਾਂ ਕਿ ਆਸਾ ਪਾਸਾ ਸਾਡੀ ਮਦਦ ਦੇ ਅਨੂਕੂਲ ਨਹੀਂ ਹੈ ਜਾਂ ਜਿਸ ਸਾਂਝੀ ਜਗ੍ਹਾ ਤੇ ਅਸੀਂ ਖੜ੍ਹੇ ਹਾਂ,ਉਸਦੀ ਪਰਵਾਹ ਸਿਰਫ਼ ਸਾਨੂੰ ਹੀ ਹੈ। ਪਰ ਜਦ ਕਿਤੇ ਇੱਕ ਦੂਸਰੇ ਨੂੰ ਸੁਣਨ ਦਾ, ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਤਾਂ ਇਹ ਵਹਿਮ ਦੂਰ ਹੋ ਜਾਂਦਾ ਹੈ। ਸੋ ਮੈਂ ਇਸ ਤੋਂ ਇਹੀ ਸਿੱਖਿਆ ਕਿ ਅੱਜ ਤੱਕ ਸਿਰਫ਼ ਕਹਾਣੀਆਂ ਵਿੱਚ ਹੀ ਪੜਿਆ ਸੀ ਕਿ ਏਕਤਾ ਵਿੱਚ ਬਲ ਹੈ, ਪਰ ਅੱਜ ਇਸ ਨੂੰ ਪ੍ਰਤੱਖ ਵੇਖ ਵੀ ਲਿਆ। ਅੱਜ ਮਹਿਸੂਸ ਹੋਇਆ ਕਿ ਉਹ ਏਕਤਾ ਭਾਵੇਂ ਕਿਸੇ ਵੀ ਪੱਧਰ ਤੇ ਹੋਵੇ, ਕਿਸੇ ਵੀ ਖਿੱਤੇ ਵਿੱਚ ਹੋਵੇ, ਉਸਾਰੂ ਸੋਚ ਦੇ ਮਾਲਕਾਂ ਦੀ ਸੋਚ ਨੂੰ ਸਾਰਥਕ ਰੂਪ ਦੇਣ ਦਾ ਇੱਕੋ ਇਕ ਸਾਧਨ ਹੈ। ਸੋ,ਇਹੀ ਹੈ ਏਕਤਾ।
