ਸਕੂਲ ਤੇ ਕਲਾ
Written by Manpreet Singh
ਕਲਾ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਂਦੀ ਹੈ। ਸਕੂਲ ਵਿੱਚ ਹੋਣ ਵਾਲੇ BALA work ਦਾ ਮੁੱਖ ਉਦੇਸ਼ ਹੀ ਹੁੰਦਾ ਹੈ ਕਿ ਬੱਚੇ ਸਕੂਲ ਦੇ ਹਰ ਇੱਕ ਕੋਨੇ ਵਿਚੋਂ ਕੁੱਝ ਨਾ ਕੁੱਝ ਸਿੱਖ ਸਕਣ।
ਇਸ ਗੱਲ ਨੂੰ ਮੁੱਖ ਰੱਖਦਿਆਂ ਸਰਕਾਰੀ ਐਲੀਮੈਂਟਰੀ ਸਕੂਲ ਬੁੱਚੜੇ ਕਲਾਂ ਵਿੱਚ ਅਨੋਖੇ ਕਿਸਮ ਦਾ ਆਰਟ ਵਰਕ ਕੀਤਾ ਜਾ ਰਿਹਾ ਹੈ, ਜਿਸਦਾ ਉਦੇਸ਼ ਹੈ ਕਿ ਇਹ ਬੱਚਿਆਂ ਦੇ ਸੁਹਜਵਾਦੀ ਭਾਵਨਾ ਨੂੰ ਚਮਕਾਉਣ ਲਈ ਇੱਕ ਪ੍ਰਯੋਗ ਕੀਤਾ ਜਾਵੇ। ਇਹ ਆਰਟ ਵਰਕ ਮੋਰਿੰਡੇ ਸ਼ਹਿਰ ਦੀ ਆਰਟਿਸਟ ਸੰਘਿਆ ਵੱਲੋਂ ਕੀਤਾ ਜਾ ਰਿਹਾ ਹੈ, ਕਲਾ ਨੂੰ ਦੇਖਣ ਦਾ ਉਹਨਾਂ ਦਾ ਨਜ਼ਰੀਆ ਬਹੁਤ ਵੱਖਰਾ ਹੈ। ਕਿਵੇਂ ਇੱਕ ਨਿੱਕੀ ਜਹੀ ਕਲਾਕਾਰੀ ਵਿਚੋਂ ਵੱਡੇ ਵੱਡੇ ਅਰਥ ਕੱਢੇ ਜਾ ਸਕਦੇ ਹਨ, ਇਸਦਾ ਅੰਦਾਜ਼ਾ ਉਹਨਾਂ ਦੀ ਕਲਾ ਦੇਖਕੇ ਲਗਾਇਆ ਜਾ ਸਕਦਾ ਹੈ। ਜਦੋਂ ਇਸ ਆਰਟ ਦੀ ਸ਼ੁਰੂਆਤ ਸਕੂਲ ਵਿੱਚ ਕੀਤੀ ਗਈ ਤਾਂ ਸ਼ੁਰੂ ਸ਼ੁਰੂ ਵਿੱਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਤਰਾਂ ਦੇ ਆਰਟ ਵਰਕ ਨੂੰ ਸਮਝਣਾ ਸਕੂਲ ਦੇ ਅਧਿਆਪਕਾਂ ਲਈ ਵੀ ਮੁਸ਼ਕਿਲ ਹੋ ਰਿਹਾ ਸੀ ਪਰ ਜਿਵੇਂ ਜਿਵੇਂ ਉਹਨਾਂ ਨੇ ਇਸ ਕਲਾ ਨੂੰ ਬਣਦੇ ਦੇਖਿਆ ਅਤੇ ਇਹ ਵੀ ਦੇਖਿਆ ਕਿ ਇਸ ਤੋਂ ਬੱਚੇ ਕਿੰਨਾ ਕੁੱਝ ਸਿੱਖ ਰਹੇ ਹਨ ਤਾਂ ਉਹ ਬਹੁਤ ਹੈਰਾਨ ਹੋਏ।

ਇਸ ਸਕੂਲ ਵਿਚ ਕੀਤੇ ਆਰਟ ਵਰਕ ਦਾ ਨਾਮ ਹੈ “ਵਰਲੀ ਆਰਟ”, ਜਿਸਨੂੰ ਦੇਖਕੇ ਬੱਚਿਆਂ ਦੀ ਕਲਪਨਾ ਉਡਾਣ ਭਰਦੀ ਨਜ਼ਰ ਆਈ। ਜਦੋ ਮੈਂ ਬੱਚਿਆਂ ਤੋਂ ਇਹ ਸਵਾਲ ਕੀਤਾ ਕਿ ਉਹਨਾਂ ਨੂੰ ਇਹਨਾਂ ਤਸਵੀਰਾਂ ਤੋਂ ਕੀ ਸਮਝ ਆ ਰਿਹਾ ਹੈ ਤਾਂ ਉਹਨਾਂ ਦੀ ਕਲਪਨਾ ਦੇਖਕੇ ਮੈਂ ਹੈਰਾਨ ਰਹਿ ਗਿਆ, ਕੁਝ ਬੱਚੇ ਉਸ ਵਿਚੋਂ ਗਣਿਤ ਦੀਆਂ ਆਕ੍ਰਿਤੀਆਂ ਦੇਖ ਰਹੇ ਸੀ ਅਤੇ ਕੁਝ ਬੱਚੇ ਉਸ ਵਿਚੋਂ ਵੱਖ ਵੱਖ ਕਹਾਣੀਆਂ ਬਣਾਉਣ ਲੱਗੇ।
ਸਰਕਾਰੀ ਐਲੀਮੈਂਟਰੀ ਸਕੂਲ ਬੁੱਚੜੇ ਕਲਾਂ ਵਿੱਚ ਇਹ ਕੰਮ ਹੁੰਦਿਆਂ ਦੇਖਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਲਾ ਕਿਸ ਤਰਾਂ ਬੱਚਿਆਂ ਦੀ ਸੋਚ ਨੂੰ ਖੰਬ ਲਗਾਕੇ ਉਹਨਾਂ ਦੀ ਕਲਪਨਾ ਨੂੰ ਉਡਾਣ ਦਿੰਦੀ ਹੈ।