ਸਾਂਝ ਸੱਥ ( ਇੱਕ ਅਭੁੱਲ ਸ਼ਾਮ )

ਇਸ ਗੱਲ ਨਾਲ ਹਰ ਕੋਈ ਸਹਿਮਤ ਹੋਵੇਗਾ ਕਿ ਕਰੋਨਾ ਨੇ ਮਨੁੱਖੀ ਜੀਵਨ-ਸ਼ੈਲੀ ਵਿੱਚ ਵੱਡੇ ਬਦਲਾਉ ਕੀਤੇ ਹਨ। ਇਹਨਾਂ ਬਦਲਾਵਾਂ ਦੀ ਹੀ ਉਪਜ ਹੈ ਕਿ ਮਨੁੱਖ ਰਹਿਣ-ਸਹਿਣ, ਕੰਮ-ਕਾਰ , ਅਤੇ ਮਨੋਰੰਜਨ ਦੇ ਨਵੇਂ -ਨਵੇਂ ਵਸੀਲੇ ਲੱਭ ਰਿਹਾ ਹੈ। ਅਜਿਹੀ ਹੀ ਇੱਕ ਖ਼ੋਜ ਦਾ ਨਤੀਜਾ ਸੀ ਸ਼ਨੀਵਾਰ ਸ਼ਾਮ ਨੂੰ ਹੋਈ ਆਨਲਾਈਨ ਸਾਂਝ ਸੱਥ।
ਮਾਰਚ ਮਹੀਨੇ ਵਿੱਚ ਜਦੋਂ ਤੋਂ ਕਰੋਨਾ ਕਰਕੇ ਸਭ ਕੁੱਝ ਬੰਦ ਹੋਇਆ ਤਾਂ ਸਾਡੀ ਟੀਮ ਵੀ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਆਪਣੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰਨ ਦੇ ਤਰੀਕੇ ਲੱਭ ਰਹੀ ਹੈ। ਕੀ ਕਿਸੇ ਤਰਾਂ ਅਸੀਂ ਕਮਿਊਨਟੀ ਅਤੇ ਅਧਿਆਪਕਾ ਨਾਲ ਸੰਪਰਕ ਕਰਕੇ ਬੱਚਿਆਂ ਦੀ ਪੜ੍ਹਾਈ ਅਤੇ ਸਰਕਾਰੀ ਸਕੂਲਾਂ ਤੇ ਹੋ ਰਹੇ ਕਰੋਨਾ ਦੇ ਮਾੜੇ ਪ੍ਰਭਾਵ ਨੂੰ ਘੱਟ ਕਰ ਸਕੀਏ, ਅਤੇ ਇਸ ਕੰਮ ਵਿੱਚ ਸਾਨੂੰ ਬਹੁਤ ਹੱਦ ਤੱਕ ਕਾਮਯਾਬੀ ਵੀ ਮਿਲ ਰਹੀ ਹੈ। ਹਰ ਰੋਜ ਹੀ ਅਸੀਂ ਟੈਕਨੋਲਜੀ ਦੀ ਵਰਤੋਂ ਕਰਕੇ ਕਿਸੇ ਨਾ ਕਿਸੇ ਸਾਧਨ ਨਾਲ ਕਮਿਊਨਟੀ ਅਤੇ ਅਧਿਆਪਕਾ ਤੱਕ ਪੁਹੰਚ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਣ ਅਤੇ ਪੜ੍ਹਾਈ ਦੀ ਗੁਣਵੱਤਾ ਵਿੱਚ ਵਾਧਾ ਕਰਨ ਲਈ ਆਪਣੀ ਕੋਸ਼ਿਸ ਕਰ ਰਹੇ ਹਾਂ। ਇਹ ਸਭ ਕਰਦੇ ਹੋਏ ਅਸੀਂ ਬਹੁਤ ਉਤਸ਼ਾਹ ਨਾਲ ਅੱਗੇ ਵੱਧ ਰਹੇ ਹਾਂ। ਬੱਸ ਇੱਕ ਚੀਜ਼ ਸੀ ਜੋ ਇਸ ਸੱਭ ਦੇ ਦੌਰਾਨ ਕਿਤੇ ਨਾ ਕਿਤੇ ਗੁਆਚ ਗਈ ਸੀ। ਉਹ ਸੀ ਹਾਸੇ-ਠੱਠੇ, ਅਤੇ ਇੱਕ ਦੂਜੇ ਨਾਲ ਮਜ਼ਾਕ ਤੇ ਮਸਤੀ ਲਈ ਕੁਝ ਸਮਾਂ ਕੱਢਣਾ। ਜਿਸ ਨਾਲ ਮਨ ਅਤੇ ਸਰੀਰ ਨੂੰ ਨਵੀਂ ਤਾਜ਼ਗੀ ਮਿਲਦੀ ਸੀ।
ਇਸੇ ਮਸਤੀ ਅਤੇ ਹਾਸੇ ਠੱਠੇ ਨੂੰ ਵਾਪਸ ਲੈਕੇ ਆਉਣ ਦੇ ਲਈ ਸਾਂਝ ਸੱਥ ਦਾ ਆਯੋਜਨ ਕੀਤਾ ਗਿਆ। ਜਿਸ ਦੀ ਤਿਆਰੀ ਗੁਰਲੀਨ ਅਤੇ ਮੈਂ ਮਿਲ ਕੇ ਬਹੁਤ ਉਤਸ਼ਾਹ ਅਤੇ ਮਿਹਨਤ ਨਾਲ ਕੀਤੀ। ਤਾਂ ਕੀ ਇਸ ਖੁਸ਼ੀਆਂ ਦੇ ਮੌਕੇ ਵਿੱਚ ਕੋਈ ਕਮੀ ਨਾ ਰਹਿ ਜਾਵੇ। ਪਰ ਇਸ ਸਭ ਦੇ ਬਾਵਯੂਦ ਅਸੀਂ ਏ ਨਹੀਂ ਸੀ ਸੋਚਿਆ ਕਿ ਇਹ ਸੱਥ ਏਨੀ ਯਾਦਗਾਰ ਹੋ ਨਿਬੜੇਗੀ। ਸਾਰੀ ਟੀਮ ਅਤੇ ਸਾਡੇ ਬਹੁਤ ਸਾਰੇ ਹੋਰ ਸਾਥੀ ਇਸ ਸੁਨਹਿਰੀ ਸ਼ਾਮ ਦੇ ਗਵਾਹ ਬਣੇ।
ਸੱਥ ਦੀ ਸ਼ੁਰੂਆਤ ਵੀਰ ਸਿੰਘ ਜੀ ਦੇ ਇਕ ਗੀਤ '’ਚੱਲ ਮੇਲੇ ਨੂੰ ਚੱਲੀਏ’' ਦੇ ਨਾਲ ਹੋਈ, ਇਸ ਬਾਅਦ ਸਭ ਦਾ ਸਵਾਗਤ ਕਰਕੇ ਇਕ ਗਾਇਕ ਗੁਰਪ੍ਰੀਤ ਜੋ ਕਿ ਮੇਰਾ ਦੋਸਤ ਹੈ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗਾਏ ਗੀਤਾਂ ਨਾਲ ਸਭ ਨੂੰ ਮੋਹ ਲਿਆ। ਸਾਰੇ ਜਿਵੇਂ ਬਹੁਤ ਮੰਤਰਮੁਗਧ ਹੋਕੇ ਉਸ ਦੀ ਗਾਇਕੀ ਦਾ ਅਨੰਦ ਮਾਣ ਰਹੇ ਸਨ।
ਇਸ ਤੋਂ ਬਾਅਦ ਸਮੇਂ ਦੀ ਕਮੀ ਕਾਰਨ ਅਸੀਂ ਆਪਣੀ ਅਗਲੀ ਗਤੀਵਿਧੀ ਵੱਲ ਨੂੰ ਵਧੇ। ਜਿਸ ਦੌਰਾਨ ਅਸੀਂ ਬਹੁਤ ਸਾਰੇ ਮਜ਼ਾਕੀਆ ਸਵਾਲ ਆਪਣੀ ਟੀਮ ਅਤੇ ਬਾਕੀ ਸਭ ਦੋਸਤਾਂ ਅੱਗੇ ਰੱਖੇ, ਅਤੇ ਅੱਗੋਂ ਉਹਨਾਂ ਦੇ ਜਵਾਬ ਵੀ ਬਹੁਤ ਮਜਾਕੀਆ ਲਹਿਜ਼ੇ ਵਿੱਚ ਹੀ ਮਿਲੇ। ਸਭ ਪਾਸੇ ਹਾਸੇ ਅਤੇ ਖੁਸ਼ੀ ਭਰਿਆ ਮਾਹੌਲ ਬਣ ਗਿਆ।
ਇਸ ਤੋਂ ਬਾਅਦ ਅਸੀਂ ਆਪਣੀ ਅੰਤਿਮ ਗਤੀਵਿਧੀ ਵੱਲ ਨੂੰ ਵਧੇ ਜਿਸ ਦੌਰਾਨ ਸਭ ਨੇ ਦੋ ਗਰੁੱਪਾਂ ਵਿੱਚ ਵੰਡ ਹੋਕੇ ਆਪਣੇ ਦਿਲ ਦੇ ਬਲਵਲੇ ਸਾਂਝੇ ਕੀਤੇ ਅਤੇ ਸ਼ਾਇਰੀ ਦਾ ਆਨੰਦ ਮਾਣਿਆ। ਇੰਝ ਜਾਪ ਰਿਹਾ ਸੀ ਕੀ ਜਿਵੇ ਸਭ ਔਨਲਾਈਨ ਨਾ ਹੋਕੇ ਕੋਲ ਹੀ ਬੈਠੇ ਹੋਣ। ਇਸ ਸਭ ਵਿੱਚ ਪਤਾ ਹੀ ਨਹੀਂ ਚੱਲਿਆ ਕਿ ਕਦੋ ਸਾਡਾ ਤੈਅ ਕੀਤਾ ਸਮਾਂ ਪੂਰਾ ਹੋ ਗਿਆ ਅਤੇ ਨਾ ਚੁਹੰਦੇ ਹੋਏ ਵੀ ਸਾਨੂੰ ਇਸ ਯਾਦਗਾਰ ਸ਼ਾਮ ਦੇ ਅੰਤ ਵੱਲ ਨੂੰ ਵੱਧਣਾ ਪਿਆ।
ਅੰਤ ਵਿੱਚ ਜਾਂਦੇ ਜਾਂਦੇ ਸਭ ਨੇ ਆਪਣੇ ਜਜਬਾਤਾਂ ਅਤੇ ਦਿਲ ਦੀ ਖੁਸ਼ੀ ਇਕ ਵਾਰ ਫੇਰ ਤੋਂ ਇੱਕ ਦੂਜੇ ਨਾਲ ਸਾਂਝੀ ਕੀਤੀ। ਸਭ ਦੇ ਚੇਹਰੇ ਦੀ ਰੌਣਕ ਅਤੇ ਉਰਜਾ ਇਸ ਸੱਥ ਦੇ ਸਫਲ ਹੋਣ ਦੀ ਗਵਾਹੀ ਭਰ ਰਹੀ ਸੀ।
ਇਸ ਤਰਾਂ ਇਕ ਅਭੁੱਲ ਸ਼ਾਮ ਦਾ ਅੰਤ ਹੋਇਆ ਅਤੇ ਅਗਲੀ ਸਵੇਰ ਸਾਡਾ ਕਾਫ਼ਲਾ ਇਹਨਾਂ ਸਭ ਯਾਦਾਂ ਨੂੰ ਮਨ ਚ ਲੈਕੇ, ਇੱਕ ਨਵੀਂ ਉਰਜਾ ਨਾਲ ਭਰਭੂਰ ਹੋਕੇ ਫਿਰ ਤੋਂ ਆਪਣੇ ਨਿਰੰਤਰ ਚੱਲਣ ਵਾਲੇ ਸਫ਼ਰ ਉੱਤੇ ਅਗਰਸਰ ਹੋ ਗਿਆ